: : : : : : : ਫਾਸਲਾ : : : : : : : :

ਇਸ  ਤਰਹ  ਹੈ  ਜਿਸ  ਤਰਹ  ਦਿਨ  ਰਾਤ  ਵਿਚਲਾ  ਫਾਸਲਾ
ਮੇਰੀਆਂ  ਰੀਝਾਂ ਤੇ  ਮੇਰੀ  ਔਕਾਤ  ਵਿਚਲਾ  ਫਾਸਲਾ

ਲਫਜ਼  ਤਾ  ਸਾਊ  ਬਹੁਤ  ਨੇ  ਯਾ  ਖੁਦਾ  ਬਣ ਯਾ   ਰਹੇ
ਮੇਰੀਆਂ  ਲਫਜਾਂ ਤੇ   ਮੇਰੇ  ਜਜਬਾਤ  ਵਿਚਲਾ  ਫਾਸਲਾ 

ਹਾਂ  ਮੈਂ  ਆਪੇ  ਹੀ  ਕਿਹਾ  ਸੀ  ਹੋਂਠ  ਸੁੱਚੇ  ਰਖਣੇ
ਹਾਏ  ਪਰ  ਇਸ  ਪ੍ਯਾਸ   ਤੇ  ਉਸ   ਬਾਤ  ਵਿਚਲਾ  ਫਾਸਲਾ

'ਜੇ  ਬਹੁਤ  ਹੀ  ਪ੍ਯਾਸ  ਹੈ  ਤਾ  ਮੇਟ  ਦੇਵਾਂ ' ਉਸ  ਕਿਹਾ
ਰਿਸ਼ਤਯਾਂ  ਤੇ   ਰਿਸ਼ਤਯਾਂ  ਦੇ  ਘਾਤ  ਵਿਚਲਾ  ਫਾਸਲਾ

ਧਰਮ  ਹੈ   ਇਖਲਾਕ  ਹੈ  ਕਾਨੂਨ  ਹੈ  ਇਹ  ਕੌਣ  ਹੈ
ਮੇਰੀਆਂ  ਬਿਰਖਾਂ ਤੇ  ਤੇਰੀ  ਬਰਸਾਤ  ਵਿਚਲਾ  ਫਾਸਲਾ

ਉਸ  ਦਿਯਾਂ  ਗੱਲਾਂ  ਸੁਨੋ  ਕੀ  ਰੰਗ  ਕੀ  ਕੀ  ਰੋਸ਼ਨੀ
ਹਾਏ  ਪਰ  ਕਿਰਦਾਰ  ਤੇ  ਗੱਲਬਾਤ  ਵਿਚਲਾ  ਫਾਸਲਾ

ਜ਼ਹਰ  ਦਾ  ਪਯਾਲਾ  ਮੇਰੇ  ਹੋਠਾਂ  ਤੇ  ਆ  ਕੇ  ਰੁਕ  ਗਯਾ
ਰਹ  ਗਿਆ   ਮੇਰੇ  ਅਤੇ  ਸੁਕਰਾਤ  ਵਿਚਲਾ  ਫਾਸਲਾ